ਖ਼ਾਲਸਾ ਜੀ ਦਾ ਚੈਂਪੀਅਨ

ਹਰੀ ਸਿੰਘ ਨਲਵਾ (1791-1837)


Buy Now

ਖ਼ਾਲਸਾ ਜੀ ਦਾ ਚੈਂਪੀਅਨਡਿਓਢ
ਜ਼ੁਲਮ ਤਦੀ ਬਹੁ ਚੁੱਕੀ ਤੁਰਕਾਂ ਕਲਮ ਮੇਰੀ ਫਟ ਜਾਵੇ, ਕਰਦੀ ਹਾਵੇ।
ਦੇਵੀ ਦੇਵਤੇ ਛੱਪ ਖੜੋਤੇ ਕੌਨ ਅਗੇ ਹੁੰਨ ਆਵੇ, ਮੂੰਹ ਦੀ ਖਾਵੇ।
ਮੰਦਰ ਦਿਵਾਲੇ ਢਾਹ ਹਿੰਦੂਆਂ ਸਭ ਮਸੀਤ ਬਨਾਵੇ, ਪੇਸ਼ ਨਾ ਜਾਵੇ।
ਕੁਆਰੀ ਸੁੰਦਰ ਕੰਨਿਆ ਦੇਖੇ ਘਰ ਤੇ ਪਕੜ ਮੰਗਾਵੇ, ਅਨੀਤਿ ਕਮਾਵੇ।
ਲਿਜਾ ਮਸੀਤੇ ਕਰ ਮੁਸਲਮਾਨੀ ਜ਼ੋਰੀ ਨਿਕਾਹ ਪੜ੍ਹਾਵੇ, ਮਹਲੀਂ ਪਾਵੇ।
ਰੋ ਰੋ ਆਹੀਂ ਮਾਰਨ ਹਿੰਦੂ ਕੌਨ ਤਿਨ੍ਹਾਂ ਗਲ ਲਾਵੇ, ਕਰਦੇ ਹਾਵੇ ।
ਹੱਥ ਜੋੜਨ ਤੇ ਨੱਕ ਭੀ ਰਗੜਨ ਦੇਵੀ ਨਹਿਂ ਦਰਸਾਵੇ, ਕਿ ਪਈ ਸ਼ਰਮਾਵੇ।
ਓੜਕ ਨੂੰ ਸੁਣ ਨਾਮ ਸਿੰਘਾਂ ਦਾ ਵਜ਼ੀਰ ਬੀਰਬਲ ਆਵੇ, ਵਾਸਤੇ ਪਾਵੇ।
ਹਥ ਜੋੜ ਬਡ ਦੀਨ ਹੋਇਕੇ ਕਰਦਾ ਜਾਇ ਪੁਕਾਰਾ, ਵਿੱਚ ਦਰਬਾਰਾ।
ਪ੍ਰਜਾ ਅਤਿ ਦੁਖ ਪਾਇ ਭੇਜਦੀ ਸੁਣੋ ਸਿੰਘ ਸਰਦਾਰਾ, ਮਾਨ ਹਮਾਰਾ।
ਧਰਤੀ ਕਿਤੇ ਨ ਝੱਲੇ ਸਾਨੂੰ ਸੁਣੀਓ ਮੇਰੀ ਪੁਕਾਰਾ, ਵਾਸਤੇ ਦਾਤਾਰਾ।
ਫੌਜ ਚੜ੍ਹਾਓ ਫਤਹ ਸਬ ਪਾਓ ਸਾਨੂੰ ਦੇਓ ਛੁਟਕਾਰਾ, ਦੁਖ ਵਡਭਾਰਾ।।੪੧।।

(ਅਮਰ ਸਿੰਘ ਦੀ 1903 ਦੀ ਕਿਤਾਬ ਵਿਚ ਸੀਤਾਰਾਮਾ, 21)

ਇਹ ਡਿਓਢ ਪੰਡਿਤ ਬੀਰਬਲ ਧਾਰ ਦੀ ਸਿੱਖਾਂ ਨੂੰ ਕਸ਼ਮੀਰ ਫ਼ਤਿਹ ਕਰਨ ਲਈ ਬੇਨਤੀ ਸੀ। ਇਹ ਡਿਓਢ ਬਖੂਬੀ ਕਸ਼ਮੀਰ ਵਿਚ ਹਿੰਦੂਆਂ ’ਤੇ ਹੋ ਰਹੇ ਜ਼ੁਲਮਾਂ ਦਾ ਵੇਰਵਾ ਸੀ ਜੋ ਇਹ ਝਲਕ ਵੀ ਦੇਂਦੀ ਸੀ ਕਿ ਬਾਕੀ ਹਿੰਦੁਸਤਾਨ ਵਿਚ ਮੁਸਲਮਾਨਾਂ ਦੇ ਰਾਜ ਵਿਚ ਗ਼ੈਰ-ਮੁਸਲਮਾਨਾਂ ਦਾ ਕੀ ਹਾਲ ਸੀ।

ਸਿੱਖ ਰਾਜ ਦੇ ਆਉਣ ਤੋਂ 800 ਸਾਲ ਪਹਿਲੇ, ਹਿੰਦੁਸਤਾਨ ਦੀ ਧਰਤੀ ਹਿੰਦੂ ਅਤੇ ਬੋਧੀ ਧਰਮਾਂ ਦੇ ਅਸਰ ਹੇਠ ਸੀ। ਇਸਲਾਮ ਧਰਮ ਵਿਚ ਕੀਤੇ ਮੁਢਲੇ ਜਬਰਨ ਬਦਲਾਵ ਅਰਬਾਂ, ਤੁਰਕਾਂ ਤੇ ਈਰਾਨੀ ਧਾੜਵੀਆਂ ਨੇ ਸ਼ੁਰੂ ਕੀਤੇ ਤੇ ਮੁਗ਼ਲਾਂ ਅਧੀਨ ਜਾਰੀ ਰਹੇ। ਅਠਾਰ੍ਹਵੀਂ ਸਦੀ ਦੇ ਉਘੇ ਧਾੜਵੀ ਨਾਦਰ ਸ਼ਾਹ ਈਰਾਨੀ ਤੇ ਅਹਿਮਦ ਸ਼ਾਹ ਅਬਦਾਲੀ ਅਫ਼ਗ਼ਾਨ ਸਨ। ਮੁਸਲਮਾਨਾਂ ਦੀਆਂ ਵੱਖ-ਵੱਖ ਰਾਜ ਕਰਨ ਵਾਲੀਆਂ ਪੀੜ੍ਹੀਆਂ ਸਥਾਈ ਵਸਨੀਕਾਂ ਲਈ ਅਣਗਿਣਤ ਮੁਸੀਬਤਾਂ ਅਤੇ ਸਜ਼ਾ ਬਣ ਕੇ ਆਈਆਂ। ਇਹ ਜ਼ਾਲਮੀ ਕੌਮਾਂ ਹਿੰਦੁਸਤਾਨ ਵਿਚ ਜ਼ਿਆਦਾ ਕਰਕੇ ਉੱਤਰ-ਪੱਛਮੀ ਜ਼ਮੀਨੀ ਰਸਤੇ 'ਖ਼ੈਬਰ ਪਾਸ' ਤੋਂ ਆਈਆਂ ਸਨ। ਏਸ ਲਈ ਕੁਦਰਤੀ ਸੀ ਕਿ ਇਨ੍ਹਾਂ ਦੇ ਹਮਲਿਆਂ ਵੇਲੇ ਲਤਾੜੇ ਜਾਣ ਵਾਲੇ ਇਲਾਕੇ ਉਹ ਸਨ ਜੋ ਏਸ ਰਸਤੇ ਦੇ ਬੂਹੇ ਅੱਗੇ ਸਨ – ਖ਼ੈਬਰ ਤੋਂ ਦਿੱਲੀ ਤਕ ਦਾ ਸਾਰਾ ਰਕਬਾ। ਏਸ ਵਿਚ ਸਾਰੇ ਦਾ ਸਾਰੇ ਪੰਜਾਬ ਸ਼ਾਮਲ ਸੀ।

ਜਰਨੈਲ ਹਰੀ ਸਿੰਘ ਨਲਵਾ ਦੀ ਕਾਮਯਾਬੀ ਦਾ ਪੂਰਾ ਮਹੱਤਵ ਸਮਝਣ ਲਈ, ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਉਨ੍ਹਾਂ ਨੇ ਕਿਨ੍ਹਾਂ ਦੁਸ਼ਮਣਾਂ ਦੇ ਨਾਲ ਟੱਕਰ ਲਈ। ਹਿੰਦੁਸਤਾਨ ਦੀ ਪਹਿਲੀ ਮਰਦਮ-ਸ਼ੁਮਾਰੀ ਅੰਗ੍ਰੇਜ਼ਾਂ ਦੇ ਸਮੇਂ ਵਿਚ ਸੰਨ 1860 ਵਿਚ ਸ਼ੁਰੂ ਹੋਈ (ਜੋ ਖ਼ਾਲਸਾ ਰਾਜ ’ਤੇ ਕਬਜ਼ਾ ਕਰਨ ਤੋਂ ਤਕਰੀਬਨ ਦਸ ਸਾਲ ਬਾਅਦ ਸੀ)। ਤਦ ਇਹ ਵੇਖਿਆ ਗਿਆ ਕਿ ਹਿੰਦੂਆਂ ਦੀ ਸਭ ਤੋਂ ਵੱਧ ਗਿਣਤੀ ਹਿੰਦੁਸਤਾਨ ਦੇ ਦੱਖਣ ਵਿਚ ਸੀ ਤੇ ਉੱਤਰ ਵੱਲ ਆਉਂਦੇ ਹੋਏ ਲਗਾਤਾਰ ਘਟਦੀ ਜਾਂਦੀ ਸੀ। ਪੰਜਾਬ ਵਿਚ ਉਨ੍ਹਾਂ ਦੀ ਗਿਣਤੀ ਜਲੰਧਰ ਵਿਚ 58% ਰਹਿ ਗਈ ਸੀ। ਅੰਮ੍ਰਿਤਸਰ ਵਿਚ ਹਿੰਦੂਆਂ ਦੀ ਗਿਣਤੀ 24%, ਮੁਲਤਾਨ ਵਿਚ 17%, ਲਾਹੌਰ ਵਿਚ 15%, ਰਾਵਲਪਿੰਡੀ ਵਿਚ 10%, ਡੇਰਾਜਾਤ ਵਿਚ 11% ਤੇ ਪਿਸ਼ਾਵਰ ਵਿਚ 5% ਸੀ।

ਸਿੱਖਾਂ ਦੀ ਸਭ ਤੋਂ ਵੱਧ ਗਿਣਤੀ ਰਾਵੀ ਤੇ ਸਤਲੁਜ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਵਿਚ ਸੀ¸ ਲਾਹੌਰ ਵਿਚ 17%, ਅੰਮ੍ਰਿਤਸਰ ਵਿਚ 13% ਅਤੇ ਜਲੰਧਰ ਵਿਚ ਸਿਰਫ਼ 8% ਸੀ। ਬਾਕੀ ਖ਼ਾਲਸਾ ਰਾਜ ਦੇ ਇਲਾਕਿਆਂ ਵਿਚ ਸਿੱਖਾਂ ਦੀ ਗਿਣਤੀ 3% ਤੋਂ ਲੈ ਕੇ 300 ਕੁਲ ਆਬਾਦੀ ਪਿੱਛੇ ਸਿਰਫ਼ ਇਕ ਹੀ ਸੀ, ਜਿਵੇਂ ਕਿ ਵਾਟਰਫੀਲਡ ਨੇ 1875 ਵਿਚ ਲਿਖੀ ਇਕ ਕਿਤਾਬ ਵਿਚ ਜ਼ਿਕਰ ਕੀਤਾ ਹੈ। ਏਸ ਦੇ ਮੁਕਾਬਲੇ ਵਿਚ ਮੁਸਲਮਾਨਾਂ ਦੀ ਗਿਣਤੀ ਅੰਮ੍ਰਿਤਸਰ, ਲਾਹੌਰ ਤੇ ਮੁਲਤਾਨ ਵਿਚ 50% ਤੋਂ ਸ਼ੁਰੂ ਹੋ ਕੇ 65% ਤਕ ਸੀ। ਰਾਵਲਪਿੰਡੀ ਤੇ ਡੇਰਾਜਾਤ ਵਿਚ ਇਨ੍ਹਾਂ ਦੀ ਗਿਣਤੀ 85% ਤੋਂ ਵੱਧ ਸੀ। ਪਿਸ਼ਾਵਰ ਵਿਚ 93% ਤੋਂ ਘਟ ਮੁਸਲਮਾਨ ਨਹੀਂ ਸਨ।

ਖ਼ਾਲਸਾ ਰਾਜ ਲਈ ਜਰਨੈਲ ਹਰੀ ਸਿੰਘ ਨਲਵਾ ਦੀਆਂ ਜਿੱਤਾਂ ਉੱਤਰ ਵਿਚ ਕਸ਼ਮੀਰ ਤੋਂ ਲੈ ਕੇ ਦੱਖਣ ਵਿਚ ਮੁਲਤਾਨ ਤਕ, ਪੂਰਬ ਵਿਚ ਕਸੂਰ ਤੋਂ ਲੈ ਕੇ ਪੱਛਮ ਵਿਚ ਜਮਰੌਦ ਤਕ – ਸਰਕਾਰ ਖ਼ਾਲਸਾ ਜੀ ਦੇ ਕੁਲ ਇਲਾਕੇ ਵਿਚ ਹਾਸਿਲ ਕੀਤੀਆਂ ਗਈਆਂ ਸਨ। ਉਹਦੀ ਆਪਣੀ ਨਿਜੀ ਬਹਾਦੁਰੀ, ਹਿੰਮਤ ਅਤੇ ਦਲੇਰੀ ਖ਼ਾਲਸਾ ਫ਼ੌਜ ਦੇ ਇਸ ਕਮਾਂਡਰ ਨੂੰ ਸਦੀਆਂ ਤੋਂ ਵਸਦੇ ਮੁਸਲਮਾਨੀ ਖੇਤਰ ਦੇ ਮੱਧ ਵਿਚ ਲੈ ਗਈ। ਅੱਠ ਸੌ ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਇਸ ਹਿੰਦੁਸਤਾਨ ਦੀ ਧਰਤੀ ਦੇ ਇਕ ਲਾਲ ਨੇ ਚੱਟਾਨ ਬਣ ਕੇ 'ਖ਼ੈਬਰ' ਦੇ ਰਾਹ ਆਉਣ ਵਾਲੇ ਹਮਲਾਵਰਾਂ ਦਾ ਰਾਹ ਰੋਕਿਆ।

ਆਪਣੀ ਸੇਵਾ ਦੇ ਮੁਢਲੇ ਸਾਲਾਂ ਵਿਚ 'ਮਾਰਸ਼ਲ ਆਫ਼ ਦ ਖ਼ਾਲਸਾ' ਨੇ ਸਰਦਾਰੀ ਫ਼ੌਜਾਂ ਦੀ ਅਗਵਾਈ ਕੀਤੀ। ਨਯੀਅਰ ਨੇ ਆਪਣੀ 1993 ਦੀ ਪੁਸਤਕ ਵਿਚ ਵੇਰਵਾ ਦਿੱਤਾ ਹੈ। ਸੰਨ 1816 ਵਿਚ, ਮਹਾਰਾਜਾ ਰਣਜੀਤ ਸਿੰਘ ਨੇ ਅਤਰ ਸਿੰਘ ਫ਼ੈਜ਼ਲਪੁਰੀਆ ਨੂੰ ਆਪਣੀਆਂ ਫ਼ੌਜਾਂ ਸਮੇਤ ਹਰੀ ਸਿੰਘ ਹੇਠ ਕੰਮ ਕਰਨ ਲਈ ਨਿਯੁਕਤ ਕੀਤਾ। ਆਪਣੀ ਸੇਵਾ ਦੇ ਮੁਢਲੇ ਸਾਲਾਂ ਵਿਚ 'ਮਾਰਸ਼ਲ ਆਫ਼ ਦ ਖ਼ਾਲਸਾ' ਨੇ ਸਰਦਾਰੀ ਫ਼ੌਜਾਂ ਦੀ ਅਗਵਾਈ ਕੀਤੀ। ਨਯੀਅਰ ਨੇ ਆਪਣੀ 1993 ਦੀ ਪੁਸਤਕ ਵਿਚ ਵੇਰਵਾ ਦਿੱਤਾ ਹੈ। ਸੰਨ 1816 ਵਿਚ, ਮਹਾਰਾਜਾ ਰਣਜੀਤ ਸਿੰਘ ਨੇ ਅਤਰ ਸਿੰਘ ਫ਼ੈਜ਼ਲਪੁਰੀਆ ਨੂੰ ਆਪਣੀਆਂ ਫ਼ੌਜਾਂ ਸਮੇਤ ਹਰੀ ਸਿੰਘ ਹੇਠ ਕੰਮ ਕਰਨ ਲਈ ਨਿਯੁਕਤ ਕੀਤਾ। ਦਰਬਾਰ ਦੀ ਉਨੀਵੀਂ ਸਦੀ ਦੀਆਂ ਲਿਖਤਾਂ ਵਿਚ ਵਰਨਣ ਹੈ। ਭੰਗੀ ਮਿਸਲ ਦੇ ਸਰਦਾਰ ਦੇ ਪੁੱਤਰ ਗੁਰਦਿੱਤ ਸਿੰਘ ਨੂੰ ਸਰਦਾਰ ਨਲਵਾ ਦੀ ਕਮਾਨ ਹੇਠ ਭੇਜਿਆ। ਅਲੀਉਦੀਨ ਦੇ ਇਬਰਤਨਾਮਾ ਵਿਚ ਜ਼ਿਕਰ ਆਉਂਦਾ ਹੈ। ਰਾਮਗੜ੍ਹੀਆ ਤੇ ਨਿਹੰਗ ਫ਼ੌਜਾਂ ਨੇ ਵੀ ਸਰਦਾਰ ਹੇਠ ਕੰਮ ਕੀਤਾ ਸੀ।ਦਰਬਾਰ ਦੀ ਉਨੀਵੀਂ ਸਦੀ ਦੀਆਂ ਲਿਖਤਾਂ ਵਿਚ ਵਰਨਣ ਹੈ। ਭੰਗੀ ਮਿਸਲ ਦੇ ਸਰਦਾਰ ਦੇ ਪੁੱਤਰ ਗੁਰਦਿੱਤ ਸਿੰਘ ਨੂੰ ਸਰਦਾਰ ਨਲਵਾ ਦੀ ਕਮਾਨ ਹੇਠ ਭੇਜਿਆ। ਅਲੀਉਦੀਨ ਦੇ ਇਬਰਤਨਾਮਾ ਵਿਚ ਜ਼ਿਕਰ ਆਉਂਦਾ ਹੈ। ਰਾਮਗੜ੍ਹੀਆ ਤੇ ਨਿਹੰਗ ਫ਼ੌਜਾਂ ਨੇ ਵੀ ਸਰਦਾਰ ਹੇਠ ਕੰਮ ਕੀਤਾ ਸੀ।

ਜਰਨੈਲ ਹਰੀ ਸਿੰਘ ਦੀ, ਸੰਨ 1834 ਤਕ, ਪ੍ਰਸਿੱਧੀ ਏਨੀ ਜ਼ਬਰਦਸਤ ਸੀ ਕਿ ਉਹਦੇ ਆਉਣ ਦੀ ਖ਼ਬਰ ਸੁਣਦੇ ਹੀ ਪਿਸ਼ਾਵਰ ਖ਼ਾਲੀ ਹੋ ਗਿਆ ਤੇ ਸਿੱਖ ਫ਼ੌਜਾਂ ਨੇ ਉਥੇ ਕਬਜ਼ਾ ਕਰ ਲਿਆ। ਇਸ ਮੌਕੇ ’ਤੇ ਮਹਾਰਾਜੇ ਦਾ ਪੋਤਰਾ, ਹਰੀ ਸਿੰਘ ਦੇ ਨਾਲ ਆਪਣੀ ਪਹਿਲੀ ਮੁਹਿੰਮ ਤੇ ਗਿਆ ਸੀ। ਉਸ ਮੌਕੇ ’ਤੇ ਸ਼ਹਿਜ਼ਾਦੇ ਦੀ ਸੁਰੱਖਿਆ, ਹਰੀ ਸਿੰਘ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਸੀ। ਅਗਲੇ ਸਾਲ ਦੋਸਤ ਮੁਹੰਮਦ ਖ਼ਾਨ ਆਪਣੀਆਂ ਫ਼ੌਜਾਂ ਲੈ ਕੇ, ਖ਼ਾਲਸਾ ਰਾਜ ਤੋਂ ਪਿਸ਼ਾਵਰ ਖੋਹਣ ਲਈ ਕਾਬੁਲ ਤੋਂ ਆਇਆ। ਇਸ ਮੌਕੇ ’ਤੇ ਸਿੱਖ ਫ਼ੌਜ ਨੇ ਕਾਬੁਲ ਫ਼ੌਜ ਦੇ ਅੱਗੇ ਅੱਧੇ ਗੋਲੇ ਰੂਪ ਇੰਜ ਘੇਰਾ ਪਾਇਆ ਕਿ ਕਾਬਲੀਆਂ ਲਈ ਦੌੜਨ ਵਾਸਤੇ ਸਿਰਫ਼ 'ਖ਼ੈਬਰ' ਦਾ ਰਸਤਾ ਹੀ ਰਹਿ ਗਿਆ ਸੀ। ਦੋਸਤ ਮੁਹੰਮਦ ਨੇ ਇਸ ਮੌਕੇ ਦਾ ਪੂਰਾ ਫ਼ਾਇਦਾ ਉਠਾਇਆ ਤੇ ਉਹ ਸਿੱਖ ਫ਼ੌਜ ਨਾਲ ਲੜੇ ਬਗ਼ੈਰ ਉਸ ਰਸਤੇ ਵਾਪਿਸ ਖਿਸਕ ਗਿਆ।

ਜਰਨੈਲ ਹਰੀ ਸਿੰਘ ਨਲਵੇ ਦੀ ਜਮਰੌਦ ਹਾਸਿਲ ਕਰਨ ਦੀ ਜਿੱਤ ਨੇ ਉਸਨੂੰ ਉਸ ਪਿੰਡ ਦਾ ਕਬਜ਼ਾ ਦਿੱਤਾ ਜਿਸਨੇ ਉਸ ਨੂੰ 'ਖ਼ੈਬਰ' ਦਾ ਰਾਹ ਕੰਟਰੋਲ ਕਰਨ ਵਾਲੇ ਕਬੀਲਿਆਂ ਤੇ ਹਾਵੀ ਹੋਣ ਦਾ ਮੌਕਾ ਦਿੱਤਾ। ਇਸ ਜਿੱਤ ਦੇ ਨਾਲ ਕਾਬੁਲ ਦਾ ਰਾਹ ਸਿੱਖ ਫ਼ੌਜ ਲਈ ਖੁੱਲ੍ਹ ਗਿਆ। ਪ੍ਰਿਸਿਪ 1846 ਵਿਚ ਲਿਖੀ ਕਿਤਾਬ ਵਿਚ ਵਰਨਣ ਕਰਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਆਦੇਸ਼ ਦੇ ਵਿਪਰੀਤ, ਹਰੀ ਸਿੰਘ ਨਲਵਾ ਨੇ ਕਾਬੁਲ ਦੇ ਅਫ਼ਗ਼ਾਨਾਂ ਨਾਲ ਉਸ ਵੇਲੇ ਲੜਾਈ ਕੀਤੀ ਜਦੋਂ ਅਫ਼ਗ਼ਾਨਾਂ ਨੇ ਜਮਰੌਦ ਦੇ ਕਿਲ੍ਹੇ ’ਤੇ ਧਾਵਾ ਬੋਲਿਆ ਜਿਸ ਵਿਚ ਉਹਦੀ ਫ਼ੌਜ ਦੇ ਕੁਝ ਆਦਮੀ ਤੈਨਾਤ ਸਨ। ਜਦੋਂ ਜਰਨੈਲ ਹਰੀ ਸਿੰਘ ਨੂੰ ਪਿਸ਼ਾਵਰ ਵਿਚ ਖ਼ਬਰ ਪਹੁੰਚੀ ਕਿ ਇਸ ਕਿਲ੍ਹੇ ਦੀ ਇਕ ਦੀਵਾਰ ਢਹਿ ਗਈ ਹੈ ਤਾਂ ਉਸਨੂੰ ਸਪਸ਼ਟ ਹੋ ਗਿਆ ਕਿ ਉਹਦੇ ਆਦਮੀ ਪਿਆਸ ਨਾਲ ਜੇ ਨਹੀਂ ਮਰੇ ਤਾਂ ਦੁਸ਼ਮਣ ਦੀ ਗੋਲੀ ਨਾਲ ਜ਼ਰੂਰ ਮਰ ਜਾਣਗੇ। ਹਰੀ ਸਿੰਘ ਨਲਵਾ ਆਪਣੀ 10,000 ਆਦਮੀਆਂ ਦੀ ਫ਼ੌਜ ਲੈ ਕੇ ਪੂਰੀ ਅਫ਼ਗ਼ਾਨ ਫ਼ੌਜ ਜੋ ਉਸਦੀ ਫ਼ੌਜ ਨਾਲੋਂ ਕਈ ਗੁਣਾ ਵੱਧ ਸੀ ਤੇ ਜਿਸ ਨਾਲ ਉਸ ਇਲਾਕੇ ਦੇ ਪਹਾੜੀ ਕਬੀਲੇ ਵੀ ਸ਼ਾਮਿਲ ਸਨ, ਨਾਲ ਲੜਨ ਲਈ ਨਿਕਲ ਪਿਆ। ਏਸ ਜੰਗ ਵਿਚ, ਘਟ ਤੋਂ ਘਟ ਅੰਦਾਜ਼ੇ ਮੁਤਾਬਕ ਵੀ ਇਕ ਸਿੱਖ ਪੰਜ ਦੁਸ਼ਮਣਾਂ ਨਾਲ ਟੱਕਰ ਲੈ ਰਿਹਾ ਸੀ। ਜਰਨੈਲ ਹਰੀ ਸਿੰਘ ਨੇ ਆਪਣੀ ਜ਼ਿੰਦਗੀ ਵਿਚ ਬਥੇਰੀ ਵਾਰ ਇਹੋ ਜਿਹੇ ਮੁਕਾਬਲੇ ਕੀਤੇ ਸਨ। ਪਰ ਇਸ ਮੌਕੇ ’ਤੇ ਫ਼ੌਜ ਦਾ ਵੱਡਾ ਹਿੱਸਾ ਖ਼ੁਸ਼ਾਲ ਸਿੰਘ ਦੇ ਭਤੀਜੇ ਤੇਜ ਸਿੰਘ ਦੇ ਆਦਮੀਆਂ ਦਾ ਸੀ ਅਤੇ ਬੜੀ ਥੋੜ੍ਹੀ ਤਦਾਦ ਉਹਦੇ ਆਪਣੇ ਆਦਮੀਆਂ ਦੀ ਸੀ। ਖ਼ੁਸ਼ਾਲ ਸਿੰਘ ਤੇ ਉਸਦਾ ਭਤੀਜਾ ਦੋਵੇਂ ਹਰੀ ਸਿੰਘ ਦੇ ਖ਼ਿਲਾਫ਼ ਜਾਣੇ ਜਾਂਦੇ ਸਨ। ਇਸ ਤਰ੍ਹਾਂ ਘਟ ਆਦਮੀ ਹੋਣ ਦੇ ਇਲਾਵਾ ਹਰੀ ਸਿੰਘ ਦੀ ਕਮਾਨ ਹੇਠ ਜ਼ਿਆਦਾ ਫ਼ੌਜੀਆਂ ਤੇ ਭਰੋਸਾ ਵੀ ਨਹੀਂ ਸੀ ਕੀਤਾ ਜਾ ਸਕਦਾ।

''ਬਰਨਜ਼' ਦੇ ਇਕ ਅੰਗ੍ਰੇਜ਼ ਸਾਥੀ ਨੇ ਲਿਖਿਆ – “ਮੇਰੇ ਮਾਸ਼ਦ ਵਿਚ ਰਿਹਾਇਸ਼ ਦੌਰਾਨ ਅਬਾਸ ਮਿਰਜ਼ਾ ਦੇ ਕਾਬਲੀ ਤੇ ਤੁਰਕਸਤਾਨੀ ਜਾਸੂਸ ਲਗਾਤਾਰ ਹੈਂਕੜੇ ਨਾਲ ਕਸ਼ਮੀਰ ਨੂੰ ਜਿੱਤਣ ਬਾਰੇ ਕਹਿੰਦੇ ਸਨ ਅਤੇ ਆਪਣੇ ਹੰਕਾਰ ਨਾਲ ਕਿਸੇ ਵੀ ਤਾਕਤ ਨੂੰ ਮੁਕਾਬਲਾ ਕਰਨ ਦੇ ਕਾਬਿਲ ਨਹੀਂ ਵੇਖਦੇ ਸਨ। ਇਥੋਂ ਤਕ ਕਿ ਖ਼ੁਦ ਸ਼ਹਿਜ਼ਾਦਾ ਆਪਣੇ ਗ਼ਰੂਰ ਨੂੰ ਨਹੀਂ ਸੀ ਛੁਪਾ ਸਕਿਆ ਤੇ ਜਦ ਉਸਨੇ ਮੇਰੇ ਸਾਥੀ ਮੋਹਨ ਲਾਲ ਨਾਲ ਮਾਸ਼ਦ ਵਿਚ ਮੁਲਾਕਾਤ ਕੀਤੀ ਤਾਂ ਸ਼ਹਿਜ਼ਾਦੇ ਨੇ ਰਣਜੀਤ ਸਿੰਘ ਦੀ ਫ਼ੌਜ, ਮਾਲੀ ਹਾਲਤ ਤੇ ਰਸਦ ਪ੍ਰਬੰਧ ਦੇ ਬਾਰੇ ਜਦ ਪੁੱਛਿਆ ਤਾਂ ਇਹ ਦਿੱਲੀ ਦੇ ਵਿਦਿਆਰਥੀ ਨੇ ਖੁਲ੍ਹੇ ਸ਼ਬਦਾਂ ਵਿਚ ਜਵਾਬ ਦਿੱਤਾ ਜੋ ਸ਼ਾਇਦ ਸ਼ਹਿਜ਼ਾਦੇ ਨੂੰ ਹਜ਼ਮ ਨਾ ਹੋਇਆ...”। ਨੈਸ਼ਨਲ ਆਰਕਾਈਵਜ਼ ਦੇ ਵਿਦੇਸ਼ ਵਿਭਾਗ ਦੇ ਪੱਤਰਾਂ ਵਿਚ ਵੇਰਵਾ ਮਿਲਦਾ ਹੈ।

ਜਦੋਂ ਇਕ ਵਜ਼ੀਰ ਨੇ 'ਈਸਟ ਇੰਡੀਆ ਕੰਪਨੀ' ਦੇ ਮੁਲਾਜ਼ਮ ਮੋਹਨ ਲਾਲ ਤੋਂ ਪੁੱਛਿਆ ਕਿ ਦੋਵਾਂ ਵਿਚੋਂ ਕੌਣ ਵੱਧ ਤਾਕਤਵਰ ਹੈ – ਅੰਗ੍ਰੇਜ਼ ਜਾਂ ਰਣਜੀਤ ਸਿੰਘ। ਮੋਹਨ ਲਾਲ ਨੇ ਜਵਾਬ ਦਿੱਤਾ – “ਓ ਵਜ਼ੀਰ! ਭਾਵੇਂ ਰਣਜੀਤ ਸਿੰਘ ਅੰਗ੍ਰੇਜ਼ਾਂ ਦੇ ਬਰਾਬਰ ਦੀ ਤਾਕਤ ਨਹੀਂ ਰਖਦਾ, ਫੇਰ ਵੀ ਸਾਰੇ ਹਿੰਦੋਸਤਾਨ ਵਿਚ ਇਕ ਉਹੀ ਉਨ੍ਹਾਂ ਦੀ ਟੱਕਰ ਦਾ ਹੈ”। ਅੰਗ੍ਰੇਜ਼ ਹਕੂਮਤ ਦਾ ਲਿਖਾਰੀ ਮੋਹਨ ਲਾਲ ਕਸ਼ਮੀਰੀ 1846 ਵਿਚ ਇਹ ਵਰਨਣ ਦਿੰਦਾ ਹੈ। ਇਸ ਘਟਨਾ ਦੀ ਹੋਰ ਪੁਸ਼ਟੀ ਦਿੱਲੀ ਦੇ ਅੰਗ੍ਰੇਜ਼ ਰੈਜ਼ੀਡੈਂਟ ਦਾ ਅਸਿਸਟੈਂਟ 'ਸਰ ਚਾਰਲਸ ਐਡਵਰਡ ਟਰੈਵਿਲਿਅਨ' ਜੋ ਅੱਗੇ ਜਾ ਕੇ ਮਦਰਾਸ ਦਾ ਗਵਰਨਰ ਨਿਯੁਕਤ ਹੋਇਆ ਨੇ ਦਿਤੀ ਹੈ – “ਈਦ ਉਲਫ਼ਿਤਰ ਦੇ ਮਹਾਨ ਦਿਨ ’ਤੇ, ਦਰਬਾਰ ਦੇ ਸਾਰੇ ਅਹਿਲਕਾਰ ਸ਼ਹਿਜ਼ਾਦਾ ਅਬਾਸ ਮਿਰਜ਼ਾ ਨੂੰ ਵਧਾਈ ਦੇਣ ਆਏ। ਉਸਨੇ ਮੋਹਨ ਲਾਲ ਨੂੰ ਖ਼ਾਸ ਨਿਉਤਾ ਦੇ ਕੇ ਤਿਉਹਾਰ ਦੀ ਖ਼ੁਸ਼ੀ ਵਿਚ ਸ਼ਾਮਲ ਹੋਣ ਲਈ ਬੁਲਾਇਆ ਸੀ। ਜਦੋਂ ਮੁੱਢਲੀਆਂ ਰਸਮਾਂ ਖ਼ਤਮ ਹੋਈਆਂ ਅਤੇ ਸਭ ਅਹਿਲਕਾਰ ਆਪਣੇ ਨਜ਼ਰਾਨੇ ਪੇਸ਼ ਕਰਕੇ ਦਰਬਾਰ ਵਿਚ ਆਪਣੇ ਆਪਣੇ ਸਥਾਨ ’ਤੇ ਬੈਠ ਚੁੱਕੇ ਸਨ, ਸ਼ਹਿਜ਼ਾਦਾ ਮੋਹਨ ਲਾਲ ਨਾਲ ਮੁਖਾਤਬ ਹੋਇਆ ਤੇ ਉਸਨੂੰ ਪੁੱਛਿਆ, ਕਿਉਂਕਿ ਉਹਨੇ ਦੋਵਾਂ ਤਾਕਤਾਂ ਨੂੰ ਵੇਖਿਆ ਸੀ ਕਿ¸ ਕੀ ਰਣਜੀਤ ਸਿੰਘ ਦੇ ਦਰਬਾਰ ਦੀ ਸ਼ਾਨ ਦੀ ਤੁਲਨਾ ਉਹਦੇ ਆਪਣੇ ਦਰਬਾਰ ਦੀ ਸ਼ਾਨੋ-ਸ਼ੌਕਤ ਦੇ ਮੁਕਾਬਲੇ ਦੀ ਸੀ ਅਤੇ ਕੀ ਖ਼ਾਲਸਾ ਫ਼ੌਜਾਂ ਤਰਬੀਅਤ ਅਤੇ ਬਹਾਦੁਰੀ ਵਿਚ ਉਹਦੇ ਸਿਰਬਾਜ਼ਾਂ ਦੇ ਮੁਕਾਬਲੇ ਦੀਆਂ ਸਨ? ਇਹ ਸੁਣ ਕੇ ਮੋਹਨ ਲਾਲ ਨੇ ਨਿਮਰਤਾ ਪਰ ਦ੍ਰਿੜਤਾ ਨਾਲ ਉੱਤਰ ਦਿੱਤਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਹੀ ਤੰਬੂ ਕਸ਼ਮੀਰ ਸ਼ਾਲਾਂ ਦਾ ਬਣਿਆ ਹੋਇਆ ਸੀ; ਅਤੇ ਫ਼ਰਸ਼ ’ਤੇ ਉਹੀ ਕੀਮਤੀ ਚੀਜ਼ ਵਿਛੀ ਹੋਈ ਸੀ; ਜਿਥੇ ਤਕ ਉਸ ਦੀ ਫ਼ੌਜ ਦਾ ਸੰਬੰਧ ਹੈ, ਅਗਰ ਸਰਦਾਰ ਹਰੀ ਸਿੰਘ ਸਿੰਧ ਦਰਿਆ ਪਾਰ ਕਰ ਲੈਂਦਾ ਹੈ, ਤਾਂ ਆਲੀਜਾਹ ਨੂੰ ਆਪਣੀ ਪਹਿਲੇ ਦੀ ਰਾਜਧਾਨੀ ਤਬਰੀਜ਼ ਵੱਲ ਪਿਛਾਂਹ ਮੁੜ ਜਾਣ ਵਿਚ ਖ਼ੁਸ਼ੀ ਹੋਵੇਗੀ।”

ਜਦੋਂ ਅਬਾਸ ਮਿਰਜ਼ਾ ਨੂੰ ਦੱਸਿਆ ਗਿਆ ਕਿ ਉਹ ਹਰੀ ਸਿੰਘ ਦੇ ਮੁਕਾਬਲੇ ਵਿਚ ਕੁਝ ਨਹੀਂ ਹੈ ਤਾਂ ਉਹਨੇ ਜਵਾਬ ਦਿੱਤਾ “ਰਬ ਦੀ ਕੈਸੀ ਅਜੀਬ ਲੀਲਾ ਹੈ ਜਿਸ ਨੇ ਇਕ 'ਕਾਫ਼ਿਰ' ਨੂੰ ਏਨਾ ਤਾਕਤਵਰ ਬਣਾਇਆ ਹੈ; ਪਰ ਜੇ ਅਲੀ – ਰਬ ਦੇ ਸ਼ੇਰ ਨੇ ਸਾਡਾ ਸਾਥ ਦਿੱਤਾ, ਅਸੀਂ ਹਾਲੇ ਵੀ ਆਪਣਾ ਝੰਡਾ ਕਸ਼ਮੀਰ ਵਿਚ ਲਾਵਾਂਗੇ ਅਤੇ ਆਪਣੇ ਸਿਰਬਾਜ਼ਾਂ ਨੂੰ ਸ਼ਾਲਾਂ ਦੀਆਂ ਪਤਲੂਨਾਂ ਪੁਆਵਾਂਗੇ।” ਮੋਹਨ ਲਾਲ ਕਸ਼ਮੀਰੀ ਦੀ 1846 ਦੀ ਕਿਤਾਬ ਵਿਚ ਵੇਰਵਾ ਮਿਲਦਾ ਹੈ।

ਕਵੀ ਲਿਖਦਾ ਹੈ:
ਬੇ—ਬਹੁਤ ਹੋਇਆ ਹਰੀ ਸਿੰਘ ਦੂਲੋ, ਜਿਹਦਾ ਨਾਮ ਰੌਸ਼ਨ ਦੂਰ ਦੂਰ ਸਾਰੇ ।
ਦਿੱਲੀ ਦਖੱਣ ਤੇ ਚੀਨ ਮਾਚੀਨ ਤਾਈਂ, ਬਾਦਸ਼ਾਹਾਂ ਨੂੰ ਖ਼ੌਫ਼ ਜ਼ਰੂਰ ਸਾਰੇ।
ਰਾਜਾ ਕਰਣ ਤੇ ਬਿਕ੍ਰਮਾਜੀਤ ਵਾਂਗੂੰ, ਹਾਤਮਤਾਈ ਵਾਂਗੂੰ ਮਸ਼ਹੂਰ ਸਾਰੇ।
ਕਾਦਰਯਾਰ ਜਹਾਨ ਤੇ ਨਹੀਂ ਹੋਣੇ, ਸਖੀ ਉਹ ਬੁਲੰਦ ਹਜ਼ੂਰ ਸਾਰੇ।।੨।।

(ਕਾਦਰ ਬਖ਼ਸ਼ ਉਰਫ਼ ਕਾਦਰ ਯਾਰ, ਉਨੀਵੀਂ ਸਦੀ, 136)

ਸਰਕਾਰ ਖ਼ਾਲਸਾ ਦੇ ਕੁੱਲ ਇਲਾਕੇ ਦਾ ਇਕ ਤਿਹਾਈ ਹਿੱਸਾ ਹਰੀ ਸਿੰਘ ਦੇ ਪ੍ਰਬੰਧ ਅਧੀਨ ਸੀ। ਉਹਦੇ ਅਧੀਨ ਆਉਂਦੇ ਇਲਾਕੇ ਅੱਗੇ ਜਾ ਕੇ ਅੰਗ੍ਰੇਜ਼ਾਂ ਦੇ ਜ਼ਿਲ੍ਹੇ ਪਿਸ਼ਾਵਰ, ਹਜ਼ਾਰਾ (ਪੱਖਲੀ, ਦਮਤੌਰ, ਹਰੀਪੁਰ, ਦਰਬੰਧ, ਗੰਧਗੜ੍ਹ, ਧੁੰਦ, ਕੱਰਾਲ ਅਤੇ ਖ਼ਾਨਪੁਰ), 'ਅੱਟਕ' (ਛੱਛ ਤੇ ਹਸਨ ਅਬਦਾਲ), ਜੇਹਲਮ (ਪਿੰਡੀ ਘੇਬ ਤੇ ਕਟਾਸ), ਮੀਆਂਵਾਲੀ (ਕੱਛੀ), ਸ਼ਾਹਪੁਰ (ਵਾਰਛਾ, ਮਿੱਠਾ ਟਿਵਾਣਾ ਤੇ ਨੂਰਪੁਰ), ਡੇਰਾ ਇਸਮਾਈਲ ਖਾਨ (ਬੰਨੂ, ਟਾਂਕ ਅਤੇ ਕੁੰਡੀ), ਰਾਵਲਪਿੰਡੀ (ਰਾਵਲਪਿੰਡੀ, ਕੱਲਾਰ) ਅਤੇ ਗੁਜਰਾਂਵਾਲਾ ਸ਼ਾਮਲ ਸਨ। ਇਹ ਧਿਆਨਯੋਗ ਹੈ ਕਿ ਹਰੀ ਸਿੰਘ ਨਲਵਾ ਦੇ ਅਧੀਨ ਇਸ ਨਾਰਥ ਵੈਸਟ ਫ਼ਰੰਟੀਅਰ ਇਲਾਕੇ ਦੀਆਂ ਪੂਰਬੀ ਤੇ ਪੱਛਮੀ ਸਰਹੱਦਾਂ ਦੀ ਨਿਗਰਾਨੀ ਫ਼ਤਿਹਗੜ੍ਹ ਕਹਿਲਾਉਣ ਵਾਲੇ ਕਿਲ੍ਹੇ ਕਰਦੇ ਸਨ। ਇਕ 'ਫ਼ਤਿਹਗੜ੍ਹ', ਕੁਨਾਰ ਦਰਿਆ ਦੇ ਕੰਢੇ ’ਤੇ ਹਜ਼ਾਰਾ ਵਿਚ ਸੀ ਤੇ ਦੂਜਾ ਜਮਰੌਦ ਵੱਲ ਸਰਹੱਦ ਦੀ ਨਿਗਰਾਨੀ ਵਾਸਤੇ ਬਣਾਇਆ ਗਿਆ ਸੀ। ਸਭ ਤੋਂ ਪਹਿਲਾਂ ਫ਼ਤਿਹਗੜ੍ਹ ਮਸ਼ਹੂਰ ਸੂਬਾ ਸਰਹੰਦ ਸੀ। ਇਸ ਥਾਂ ’ਤੇ ਸਿੱਖ ਫ਼ੌਜਾਂ ਨੇ ਮੁਗ਼ਲ ਫ਼ੌਜਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦਾ ਬੇਰਹਿਮੀ ਨਾਲ ਕਤਲ ਦਾ ਬਦਲਾ ਲਿਆ ਸੀ। ਬੰਦਾ ਬਹਾਦੁਰ ਨੇ ਆਪਣੀ ਜਿੱਤ ਹਾਸਿਲ ਕਰਨ ਉਪਰੰਤ ਇਸ ਜਗ੍ਹਾ ਦਾ ਨਾਮ ਫ਼ਤਿਹਗੜ੍ਹ ਰਖ ਕੇ ਇਥੇ ਖ਼ਾਲਸਾ ਕੌਮ ਦਾ ਪਹਿਲਾ ਸਿੱਕਾ ਜ਼ਾਰੀ ਕੀਤਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦਾ ਸਿੱਕਾ ਬੰਦਾ ਬਹਾਦੁਰ ਦੇ ਸਿੱਕੇ ਦੇ ਆਧਾਰ ’ਤੇ ਬਣਾਇਆ ਸੀ।

ਹਰੀ ਸਿੰਘ ਨੇ ਇਸ ਸਾਲ ਸਿਫ਼ਾਰਤੀ ਦਰਜਾ ਪ੍ਰਾਪਤ ਕੀਤਾ। ਮਹਾਰਾਜਾ ਰਣਜੀਤ ਸਿੰਘ ਨੇ ਉਸਨੂੰ ਖ਼ਾਲਸਾ ਰਾਜ ਦਾ ਵਕੀਲ ਨਿਯੁਕਤ ਕਰਕੇ ਅੰਗ੍ਰੇਜ਼ ਗਵਰਨਰ ਜਨਰਲ 'ਲਾਰਡ ਵਿਲੀਅਮ ਬੈਂਟਿੰਕ' ਨੂੰ ਮਿਲਣ ਵਾਸਤੇ ਖ਼ਾਲਸਾ ਮਿਸ਼ਨ ਦਾ ਮੁਖੀ ਬਣਾ ਕੇ ਸ਼ਿਮਲਾ ਭੇਜਿਆ। ਇਸ ਜ਼ਿੰਮੇਵਾਰੀ ਨੂੰ ਨਿਭਾਣ ਤੋਂ ਪਹਿਲਾਂ, ਹਰੀ ਸਿੰਘ ਲਾਹੌਰ ਦੇ ਉੱਤਰ-ਪੱਛਮ ਵੱਲ ਫੇਰ ਰਾਵੀ ਦਰਿਆ ਨੂੰ ਪਾਰ ਕਰਦੇ ਹੋਏ ਰੱਚਨਾ ਦੁਆਬ ਵਿਚ ਆਪਣੇ ਪਰਿਵਾਰ ਨੂੰ ਗੁਜਰਾਂਵਾਲੇ ਮਿਲਣ ਗਿਆ। ਉਨ੍ਹਾਂ ਨੂੰ ਉਸਨੇ ਕਈ ਸਾਲਾਂ ਤੋਂ ਨਹੀਂ ਵੇਖਿਆ ਸੀ। ਅਪ੍ਰੈਲ ਵਿਚ ਬਿਆਸ ਤੇ ਸਤਲੁਜ ਦਰਿਆ ਪਾਰ ਕਰਕੇ ਉਹ ਲੁਧਿਆਣੇ ਦੇ ਰਸਤੇ ਸ਼ਿਮਲਾ ਦੇ ਪਹਾੜਾਂ ਵੱਲ ਸਫ਼ਾਰਤੀ ਮਿਸ਼ਨ ’ਤੇ ਨਿਕਲ ਪਿਆ। ਅੰਗ੍ਰੇਜ਼ ਗਵਰਨਰ ਜਨਰਲ ਨਾਲ ਸਫ਼ਲਤਾ ਪੂਰਣ ਗੱਲਬਾਤ ਤੋਂ ਬਾਅਦ ਹਰੀ ਸਿੰਘ, ਸਿੱਖਾਂ ਦੇ ਪਵਿੱਤਰ ਸਥਾਨ ਅਨੰਦਪੁਰ ਸਾਹਿਬ ਦਰਸ਼ਨਾਂ ਲਈ ਗਿਆ। ਉਥੋਂ ਉਹ ਬਾਰੀ ਦੁਆਬ ਦੇ ਅਦੀਨਾ ਨਗਰ ਵੱਲ ਗਿਆ ਜਿਥੇ ਪਹੁੰਚ ਕੇ ਉਸਨੇ ਮਹਾਰਾਜੇ ਨੂੰ ਆਪਣੀ ਸ਼ਿਮਲੇ ਵਾਲੀ ਮੁਲਾਕਾਤ ਦੀ ਸਾਰੀ ਜਾਣਕਾਰੀ ਦਿੱਤੀ।

ਸਰਦਾਰ ਹਰੀ ਸਿੰਘ ਨਲਵਾ ਦੀ ਨਦੀਆਂ ਉਤੇ ਬੇੜੀਆਂ ਦੇ ਖੁਸੁਦ ਤੋਂ ਕਾਫ਼ੀ ਕਮਾਈ ਸੀ। ਉਨ੍ਹਾਂ ਦੀ ਇਹ ਕਮਾਈ ਖ਼ਾਲਸਾ ਰਾਜ ਵਿਚ ਸਮਾਨ ਦੀ ਢੋਆ ਢੁਆਈ ਤੋਂ ਚਾਰੋਂ ਦਿਸ਼ਾਵਾਂ ਵਿਚੋਂ ਆਉਂਦੀ ਸੀ – ਪੂਰਬ ਵਿਚ ਫ਼ਿਲੌਰ ਤੋਂ ਲੈ ਕੇ ਪੱਛਮ ਵਿਚ ਪਿਸ਼ਾਵਰ ਤਕ – ਅਤੇ ਉੱਤਰ ਵਿਚ ਕਸ਼ਮੀਰ ਤੋਂ ਲੈ ਕੇ ਦੱਖਣ ਵਿਚ ਨੂਰਪੁਰ ਤਕ। ਅੰਗ੍ਰੇਜ਼ਾਂ ਦੇ ਰਿਕਾਰਡ ਅਨੁਸਾਰ 'ਹੀਰਾ ਸਿੰਘ ਨਲੂਆ' ਦੀ ਜਾਗੀਰ ਤੇ ਸਾਲਾਨਾ ਆਮਦਨੀ ਇੰਝ ਸੀ—

ਗੁਜਰਾਂਵਾਲਾ (ਰੱਚਨਾ ਦੁਆਬ) ₹ 1,15,500-0-0
ਵਰੋਚੀ ਅਤੇ ਛੋਲੀਆ (ਸਾਲਟ ਰੇਂਜ) ₹ 55,810-0-0
ਟਾਂਕ (ਸਿੰਧ ਪਾਰ) ₹ 35,190-0-0
ਹਸਨ ਅਬਦਾਲ (ਸਿੰਧ ਦੇ ਉਰਾਰ) ₹ 40,590-0-0
ਘੇਬ ਤੇ ਪਿੰਡੀ (ਪੋਠੋਹਾਰ) ₹ 80,796-0-0
ਬੇੜੀਆਂ ਦੇ ਪੱਤਨ ਤੇ ਖੁਸਦ ਤੋਂ ₹ 1,15,225-0-0
ਹਜ਼ਾਰਾ ਤੇ ਛਾਉਨੀ (ਹਜ਼ਾਰਾ) ₹ 95,160-0-0
ਹਜ਼ਾਰਾ ਆਹਰੋਬ ਛੱਛ (ਅੱਟਕ) ₹ 3,35,700-0-0
ਰਾਵਲਪਿੰਡੀ (ਪੋਠੋਹਾਰ) ₹ 1,15,912-0-0

ਇਹ ਸਾਰੀ ਜਾਗੀਰ ਦੀ ਮਿਲਾ ਕੇ ਆਮਦਨੀ Rs 9,89,883 ਰੁਪਏ ਸੀ। ਨੈਸ਼ਨਲ ਆਰਕਾਈਵਜ਼ ਦੇ ਵਿਦੇਸ਼ ਪੱਤਰਾਂ ਵਿਚ ਇਹ ਦਰਜ਼ ਹੈ।

ਹਰੀ ਸਿੰਘ ਨਲਵਾ ਦੇ ਪ੍ਰਬੰਧ ਹੇਠ ਇਲਾਕਾ ਤੇ ਉਸਦੀਆਂ ਜਾਗੀਰਾਂ¸ਪਟਿਆਲਾ, ਨਾਭਾ ਤੇ ਜੀਂਦ ਦੇ ਫੂਲਕੀਆਂ ਰਾਜਿਆਂ ਦੇ ਸਾਰੇ ਇਲਾਕੇ ਦੇ ਮੁਕਾਬਲੇ ਤਿੰਨ ਜਾਂ ਚਾਰ ਗੁਣਾਂ ਸੀ। ਹਰੀ ਸਿੰਘ ਦੇ ਚਲਾਣਾ ਕਰਨ ਉਪਰੰਤ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਉਹਦੇ ਪੁੱਤਰਾਂ ਤੋਂ ਗਿਆਰਾਂ ਲੱਖ ਰੁਪਏ ਨਜ਼ਰਾਨਾ ਆਪਣੇ ਪਿਓ ਦੀ ਜਾਗੀਰ ਪਾਉਣ ਵਾਸਤੇ ਮੰਗਿਆ ਤਦ ਰਾਜੇ ਨੇ ਉਨ੍ਹਾਂ ਨੂੰ ਸਵਰਗਵਾਸੀ ਸਰਦਾਰ ਫ਼ਤਿਹ ਸਿੰਘ ਆਹਲੂਵਾਲੀਆ ਦਾ ਉਦਾਹਰਣ ਦਿੱਤਾ। ਰਾਜੇ ਨੇ ਹਰੀ ਸਿੰਘ ਦੇ ਪੁੱਤਰਾਂ ਨੂੰ ਦੱਸਿਆ ਕਿ ਕਪੂਰਥਲੇ ਦੇ ਸਰਦਾਰ ਦੀ ਜਾਗੀਰ ਤਿੰਨ ਲੱਖ ਰੁਪਏ ਦੀ ਸੀ ਪਰ ਫੇਰ ਵੀ ਉਹਦੇ ਪੁੱਤਰਾਂ ਨੇ ਮਹਾਰਾਜੇ ਨੂੰ ਪੰਜ ਲੱਖ ਰੁਪਏ ਨਜ਼ਰਾਨਾ ਦਿੱਤਾ ਸੀ। ਅੰਤ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਦੀ ਸਾਰੀ ਜਾਇਦਾਦ ਜ਼ਬਤ ਕੀਤੀ ਜਿਸ ਦੀ ਕੀਮਤ ਉਸ ਵੇਲੇ ਅੱਸੀ ਲੱਖ 'ਨਾਨਕ ਸ਼ਾਹੀ' ਰੁਪਏ ਸੀ। ਪ੍ਰਿੰਸਿਪ ਦੀ 1846 ਦੀ ਕਿਤਾਬ ਵਿਚ ਇਹ ਤੱਥ ਮਿਲੇ ਹਨ। ਉਸ ਵੇਲੇ, ਅੱਠ 'ਨਾਨਕ ਸ਼ਾਹੀ' ਰੁਪਏ ਇਕ ਪੌਂਡ ਸਟਰਲਿੰਗ ਦੇ ਬਰਾਬਰ ਸੀ। ਇਸ ਹਿਸਾਬ ਨਾਲ, ਹਰੀ ਸਿੰਘ ਨਲਵੇ ਦੀ ਪੂਰੀ ਜਾਇਦਾਦ ਦੀ ਕੀਮਤ ਸੰਨ 1837 ਵਿਚ ਇਕ ਮਿਲੀਅਨ ਪੌਂਡ ਸਟਰਲਿੰਗ ਸੀ।

ਕਬਿੱਤ
ਰਾਜਨ ਕੇ ਰਾਜ ਹਰੀ ਸਿੰਘ ਸਿਰਤਾਜ ਜਾਇ, ਪਇਓ ਬੀਚ ਕਾਰ ਖੂਬ ਕੀਨੀ ਤਲਵਾਰ ਕੋ।
ਸਿੰਘ ਅਸਵਾਰੀ ਕਤਲਾਮ ਕੀਨੀ ਭਾਰੀ, ਜੁੱਧ ਮਹਾਂ ਭੈਕਾਰੀ ਵਾਸ ਲੀਨੋਂ ਹੈ ਬੈਕੁੰਠ ਕੋ।
ਐਸੋ ਹੀ ਭਿਆਨ ਜੁੱਧ ਕੀਨੋ ਸੰਗਰਾਮ, ਹਰੀ ਸਿੰਘ ਬਲਵਾਨ ਬਹੁ ਬੁਧ ਕੇ ਪ੍ਰਬੀਨ ਕੋ।
ਏਹੀ ਬੀਚਾਰ ਰਾਮ ਦਿਆਲ ਕੋ ਆਧਾਰ, ਸ੍ਰੀ ਕ੍ਰਿਸ਼ਨ ਮੁਰਾਰ ਜਸ ਕੀਨੋ ਹਰੀ ਸਿੰਘ ਕੋ।।੩੯।।

(ਉਨੀਵੀਂ ਸਦੀ ਦਾ ਕਵੀ ਰਾਮ ਦਿਆਲ, 106)

ਸਿੱਖਾਂ ਦੀ ਹਰ ਦਿਨ ਕੀਤੀ ਜਾਂਦੀ ਅਰਦਾਸ ਉਨ੍ਹਾਂ ਨੂੰ ਕੌਮ (ਦੋਵੇਂ ਮਰਦਾਂ ਤੇ ਇਸਤਰੀਆਂ) ਦੀਆਂ ਕੀਤੀਆਂ ਕੁਰਬਾਨੀਆਂ ਦੀ ਯਾਦ ਦੁਆਉਂਦੀ ਹੈ। ਇਹ ਅਰਦਾਸ ਸਿੱਖਾਂ ਦਾ ਮੁਢਲਾ ਇਤਿਹਾਸ ਦਸਦੀ ਹੈ ਜੋ ਉਹ ਸੰਗਤ ਨੂੰ ਉਨ੍ਹਾਂ ਸ਼ਹੀਦਾਂ ਦੀ ਯਾਦ ਦੁਆਉਂਦਾ ਹੈ, “ਜਿਨ੍ਹਾਂ ਨੇ ਆਪਣੇ ਧਰਮ ਲਈ ਆਪਣੇ ਸਰੀਰ ਦੇ ਬੰਦ-ਬੰਦ ਕਟਵਾਏ, ਆਪਣੀਆਂ ਖੋਪੜੀਆਂ ਲੁਹਾਈਆਂ, ਚਰੱਖੜੀਆਂ ਤੇ ਚਾੜ੍ਹੇ ਗਏ, ਆਰਿਆਂ ਨਾਲ ਤਨ ਚਰਵਾਏ ਜਾਂ ਜ਼ਿੰਦਾ ਖੱਲ ਲਹਿਵਾਈ, ਅਤੇ ਦੇਗਾਂ ਵਿਚ ਜ਼ਿੰਦਾ ਉਬਾਲੇ ਗਏ।” ਸਿੱਖਾਂ ਨੂੰ ਇਹ ਉਨ੍ਹਾਂ ਸੂਰਮਿਆਂ ਦੀ ਯਾਦ ਦਿਲਾਉਂਦੀ ਰਹਿੰਦੀ ਹੈ ਜਿਨ੍ਹਾਂ ਨੇ ਚੁੱਪ-ਚਾਪ ਮੁਸਲਮਾਨਾਂ ਤੋਂ ਇਹ ਜ਼ੁਲਮ ਸਹੇ। ਸਿੱਖਾਂ ’ਤੇ ਮੁਸਲਮਾਨਾਂ ਵਲੋਂ ਬੇਰਹਿਮੀ ਨਾਲ ਜ਼ੁਲਮ ਤੇ ਜਬਰ ਹੋਇਆ, ਜੇਲ੍ਹਾਂ ਵਿਚ ਬੰਦ ਕੀਤੇ ਗਏ, ਬੇਰਹਿਮੀ ਨਾਲ ਹਲਾਲ ਕੀਤੇ ਗਏ, ਜਿਨ੍ਹਾਂ ਨੇ ਸੀਨੇ ’ਤੇ ਗੋਲੀਆਂ ਖਾਧੀਆਂ ਜਾਂ ਧਰਮ ਲਈ ਜ਼ਿੰਦਾ ਜਲਾ ਦਿੱਤੇ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਸਿੱਖਾਂ ਵਿਚ ਬਦਲਾ ਲੈਣ ਦੀ ਭਾਵਨਾ ਪੈਦਾ ਕਰਨ ਦੀ ਬਜਾਏ ਇਹ ਅਰਦਾਸ ਉਨ੍ਹਾਂ ਨੂੰ ਇਸ ਤੋਂ ਵੱਧ ਸ਼ਹੀਦੀਆਂ ਪ੍ਰਾਪਤ ਕਰਨ ਲਈ ਉਤਸਾਹਿਤ ਕਰਦੀ ਹੈ।

ਆਪਣੀ ਮੁਸਲਮਾਨ ਰਿਆਇਆ ਦੇ ਖ਼ਿਲਾਫ਼, ਸਿੱਖਾਂ ਦਾ ਸਭ ਤੋਂ ਵੱਡਾ ਜੁਰਮ ਗਊਆਂ ਨੂੰ ਮਾਰਨ ਦੀ ਮਨਾਹੀ ਸੀ। ਸਿੱਖ ਕਦੇ ਵੀ ਗਾਂ ਨੂੰ ਨਹੀਂ ਸਨ ਮਾਰਦੇ ਅਤੇ ਖਾਣ ਵਾਲੇ ਫ਼ਿਰੰਗੀਆਂ ਨੂੰ ਗਾਵਾਂ ਨਹੀਂ ਵੇਚਦੇ ਸਨ। ਸਿੱਖਾਂ ਦੀ ਹਮੇਸ਼ਾ ਪਰੰਪਰਾ ਇਹ ਰਹੀ ਹੈ ਕਿ ਉਹ ਦੂਜੇ ਧਰਮਾਂ ਦੇ ਰੀਤੀ-ਰਿਵਾਜਾਂ ਦੀ ਬੜੀ ਕਦਰ ਕਰਦੇ ਸਨ। ਲਾਹੌਰ ਦਰਬਾਰ ਵਿਚ ਮਸਲਮਾਨਾਂ ਨੂੰ ਵੱਡੀ ਗਿਣਤੀ ਵਿਚ ਸਰਕਾਰ ਦੀ ਸੇਵਾ ਵਿਚ ਹਰ ਦਰਜੇ ’ਤੇ ਭਰਤੀ ਕੀਤਾ ਹੋਇਆ ਸੀ। ਖ਼ਾਲਸਾ ਰਾਜ ਦੇ ਖ਼ਿਲਾਫ਼ ਅਜ਼ਾਨ ਬਾਰੇ ਮਨਾਹੀ ਦੀਆਂ ਸ਼ਿਕਾਇਤਾਂ ਬਹੁਤੀਆਂ ਕਰਕੇ ਕਸ਼ਮੀਰ ਤੇ ਉੱਤਰ-ਪੱਛਮੀ ਸਰਹੱਦੀ ਇਲਾਕੇ ਵਿਚੋਂ ਆਉਂਦੀਆਂ ਸਨ। ਅਜ਼ਾਨ ਦੀ ਮਨਾਹੀ ਦੂਰ ਦਰਾਜ਼ ਦੇ ਖੂੰਖਾਰ ਇਲਾਕਿਆਂ ਵਿਚ ਸੀ ਤਾਂ ਕਿ ਵੱਡੀ ਸੰਖਿਆ ਵਿਚ 'ਮੁੱਲਿਆਂ ਦੇ ਪ੍ਰੋਤਸਾਹਿਤ ਕੀਤੇ ਹੋਏ ਜਿਹਾਦੀ ਤੇ ਹਜ਼ਰਤ ਦੇ ਕੱਟੜਪੰਥੀ ਚੇਲੇ' ਇਕ ਜਗ੍ਹਾ ਇਕੱਠੇ ਹੋ ਕੇ ਦੰਗਾ-ਫ਼ਸਾਦ ਨਾ ਕਰ ਸਕਣ।

ਉਸ ਸਮੇਂ ਦਾ ਕਵੀ ਰਾਮਦਿਆਲ, ਹਰੀ ਸਿੰਘ ਨਲਵਾ ਦੀ ਆਖ਼ਰੀ ਯਾਤਰਾ ਦਾ ਅੱਖੀਂ ਵੇਖਿਆ ਹਾਲ ਵਰਗਾ ਵਰਨਣ ਕਰਦਾ ਹੈ। ਇਸ ਮੌਕੇ ’ਤੇ ਪੰਜਾਬੀਆਂ ਦੀ ਸ਼ਰਧਾ ਅਤੇ ਪਿਆਰ ਹੇਠ ਲਿਖੇ ਦੋ ਕਬਿੱਤ ਵਿਚ ਇਹ ਗੱਲ ਸਪਸ਼ਟ ਰੂਪ ਵਿਚ ਜ਼ਾਹਿਰ ਹੁੰਦੀ ਹੈ। ਹਰੀ ਸਿੰਘ ਦਾ ਅੰਤਿਮ ਸਫ਼ਰ ਉਸ ਇਲਾਕੇ ਵਿਚੋਂ ਸੀ ਜੋ ਉਹਦੇ ਕਮਾਨ ਅਧੀਨ ਬਹੁਤ ਵਰ੍ਹਿਆਂ ਤੋਂ ਰਿਹਾ ਸੀ।

ਕਬਿੱਤ
ਤੰਬੂ ਜਾਏ ਲੱਗੇ ਵਿਚ ਹਜ਼ਰੋ ਦੇ, ਸੁਣ ਸ਼ਹਿਰ ਦੇ ਖੱਤਰੀ ਸਭ ਧਾਇਆ।
ਫੁਲੱ ਦੱਸੀਏ ਇਸ ਸਰਦਾਰ ਦੇ ਜੀ, ਉਨ੍ਹਾਂ ਰੱਬ ਦਾ ਵਾਸਤਾ ਚਾਇ ਪਾਇਆ।
ਏਹੁ ਦੇਵਤਾ ਸੀ ਸਰਦਾਰ ਚੰਗਾ, ਦੇਖ ਫੁੱਲ ਤੇ ਬਹੁਤ ਹੀ ਦੁੱਖ ਪਾਇਆ।
ਜਬ ਗਾਜ਼ੀਆਂ ਹਜ਼ਰੋ ਆਣ ਮਾਰੀ, ਉੱਠ ਹਸਣੋਂ ਤੁਰਤ ਚਪੌਲ ਲਾਇਆ।੭੬।

(ਉਨੀਵੀਂ ਸਦੀ ਦਾ ਕਵੀ ਰਾਮ ਦਿਆਲ, 116)

ਹਰੀ ਸਿੰਘ ਤੋਂ ਬਾਅਦ
ਰਣਜੀਤ ਸਿੰਘ ਦੇ ਪੋਤਰੇ ਦੇ ਵਿਆਹ ਦੇ ਜਸ਼ਨ ਅਤੇ ਉਹਦੇ ਹੋਣਹਾਰ ਭਵਿੱਖ ਦੀਆਂ ਖੁਸ਼ੀਆਂ ਨੂੰ ਉਸ ਵੇਲੇ ਜ਼ੋਰਦਾਰ ਧੱਕਾ ਲਗਿਆ ਜਦੋਂ ਉਹਦਾ ਯੋਗ ਪ੍ਰਬੰਧਕ, ਉਘਾ ਗਵਰਨਰ, ਵੱਡਾ ਜਗੀਰਦਾਰ, ਨਿਰਭੈ ਜਰਨੈਲ ਤੇ ਸ਼ਿਰੋਮਣੀ ਸਰਦਾਰ ਮਰ ਗਿਆ। ਉਸ ਬਜ਼ੁਰਗ ਦੀਆਂ ਅੱਖਾਂ ਵਿਚ ਅਥਰੂ ਸਨ ਜਦੋਂ ਉਸਨੇ ਆਪਣੇ ਬਣਾਏ ਹੋਏ ਇਕੋ ਇਕ ਸੱਚੇ ਸੁਚੇ ਜਰਨੈਲ ਦਾ ਅੰਤ ਸੁਣਿਆ। ਕਨਿੰਘਮ ਦੀ 1849 ਦੀਆਂ ਲਿਖਤਾਂ ਵਿਚ ਜ਼ਿਕਰ ਹੈ। “ਹਰੀ ਸਿਘ ਦੀ ਮੌਤ ਬਾਰੇ ਸੁਣ ਕੇ ਮਹਾਰਾਜੇ ਨੇ ਇਹ ਕਿਹਾ ਕਿ ਉਹ ਆਪਣੇ ਜਰਨੈਲ ਦੇ ਬਦਲੇ ਵਿਚ ਅੱਧਾ ਰਾਜ ਗੁਆਉਣ ਨੂੰ ਤਿਆਰ ਸੀ। ਇਹ ਛੱਡਿਆ ਹੋਇਆ ਰਾਜ ਤਾਂ ਮੈਨੂੰ ਹਰੀ ਸਿੰਘ ਦੀ ਮਦਦ ਨਾਲ ਦੁਬਾਰਾ ਮਿਲ ਸਕਦਾ ਸੀ, ਪਰ ਮੈਨੂੰ ਇਕ ਹੋਰ ਹਰੀ ਸਿੰਘ ਕਦੀ ਵੀ ਨਹੀਂ ਮਿਲ ਸਕਦਾ”। ਗਰੀਨਵੁਡ ਨੇ ਆਪਣੀ 1844 ਦੀ ਪੁਸਤਕ ਵਿਚ ਵੇਰਵਾ ਦਿੱਤਾ ਹੈ।

ਅੰਗ੍ਰੇਜ਼ ਗਵਰਨਰ ਜਨਰਲ 'ਲਾਰਡ ਆਕਲੈਂਡ' ਦੀ ਅੰਗ੍ਰੇਜ਼ੀ ਵਿਚ ਲਿਖੀ ਚਿੱਠੀ, ਮਹਾਰਾਜੇ ਵੱਲ ਆਈ ਜਿਸ ਵਿਚ ਉਸ ਨੇ ਸਰਦਾਰ ਹਰੀ ਸਿੰਘ ਦੇ ਮਰਨ ’ਤੇ ਸ਼ੋਕ ਜ਼ਾਹਿਰ ਕੀਤਾ ਅਤੇ ਉਹਦੀ ਬਹਾਦੁਰੀ ਤੇ ਦਲੇਰੀ ਦੀ ਸ਼ਲਾਘਾ ਵੀ ਕੀਤੀ। ਦੂਜੀ ਸ਼ੋਕ ਦੀ ਚਿੱਠੀ ਅੰਗ੍ਰੇਜ਼ੀ ਫ਼ੌਜਾਂ ਦੇ ਕਮਾਂਡਰ-ਇਨ-ਚੀਫ਼ 'ਲੈਫ਼ਟੀਨੈਂਟ ਜਨਰਲ ਸਰ ਹੈਨਰੀ ਫੇਨ' ਵਲੋਂ ਸੀ। ਤੀਜੀ ਚਿੱਠੀ ਅੰਗ੍ਰੇਜ਼ ਏਜੰਟ 'ਵੇਡ' ਵਲੋਂ ਸੀ। ਉਸਨੇ ਸਰਦਾਰ ਹਰੀ ਸਿੰਘ ਦੀ ਘਾਟ ਮਹਿਸੂਸ ਕਰਦੇ ਹੋਈ ਡੂੰਘੀ ਹਮਦਰਦੀ ਜ਼ਾਹਿਰ ਕੀਤੀ, ਨਾ ਸਿਰਫ਼ ਆਪਣੀ ਨਿਜੀ ਕਦਰ ਕਾਰਣ, ਪਰ ਮਹਾਰਾਜੇ ਲਈ ਐਸੇ ਵਧੀਆ ਕਮਾਂਡਰ ਦੀ ਜ਼ਰੂਰਤ ਕਾਰਣ। 'ਵੇਡ' ਨੇ ਲਿਖਿਆ ਕਿ ਨਲਵਾ ਦੀ ਮੌਤ ਤੋਂ ਤਿੰਨ ਚੀਜ਼ਾਂ ਸਾਹਮਣੇ ਆਉਂਦੀਆਂ ਹਨ–

“ਪਹਿਲੀ, ਕਿ ਮਹਾਰਾਜੇ ਨੇ ਆਪਣੀ ਹਾਸਿਲ ਕੀਤੀ ਮਸ਼ਹੂਰੀ ਨੂੰ ਬੁਰੇ ਸਲਾਹਕਾਰਾਂ ਦੇ ਹਵਾਲੇ ਕੀਤਾ ਸੀ । ਦੂਜਾ, ਗੁਜ਼ਰੇ ਹੋਏ ਕਾਬਿਲ ਤੇ ਹੋਣਹਾਰ ਸਰਦਾਰ ਦੀ ਕੁਰਬਾਨੀ ਦਿੱਤੀ ਜਿਸ ਤੋਂ ਦੁਸ਼ਮਣ ਡਰਦੇ ਸਨ ਅਤੇ ਜਿਹਦੀ ਹਾਜ਼ਰੀ ਵਿਚ ਦਰਬਾਰੀ ਕੰਬਦੇ ਸਨ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਹੌਂਸਲਾ ਵਧਾਉਣਾ ਸੀ ਜੋ ਸਰਕਾਰ ਦੀ ਅਸਲ ਕਾਮਯਾਬੀ ਦੇ ਵਿਰੋਧੀ ਸਨ। ਤੀਜੀ, ਏਹੋ ਜਿਹੇ ਬੰਦਿਆਂ ਦੀ ਸਲਾਹ ਮੰਨਣ ਕਾਰਣ ਉਸ ਨੇ ਆਪਣੀਆਂ ਫ਼ੌਜਾਂ ਦੀ ਕਾਮਯਾਬੀ ਦਾਅ ’ਤੇ ਲਗਾਈ ਅਤੇ ਉਨ੍ਹਾਂ ਨੂੰ ਨਾਰਾਜ਼ ਕੀਤਾ ਜੋ ਉਹਦੇ ਵੱਲ ਗੂੜ੍ਹੀ ਮਿੱਤਰਤਾ ਰੱਖਦੇ ਸਨ”। ਨੈਸ਼ਨਲ ਆਰਕਾਈਵਜ਼ ਦੇ ਵਿਦੇਸ਼ੀ ਵਿਭਾਗ ਦੀ 1837 ਦੀ ਲਿਖਤਾਂ ਵਿਚ ਇਹ ਵਰਨਣ ਹੈ।

ਹਰੀ ਸਿੰਘ ਨਲਵਾ ਨੂੰ ਇਤਿਹਾਸਕਾਰਾਂ ਅਤੇ ਉਸ ਸਮੇਂ ਦੇ ਲਿਖਾਰੀਆਂ ਵਲੋਂ ਮਹਾਰਾਜੇ ਦੀ ਤੁਲਨਾ ਵਿਚ ਬਹੁਤ ਸ਼ਲਾਘਾ ਦਿੱਤੀ ਗਈ। ਉਨ੍ਹਾਂ ਵਲੋਂ ਹਰੀ ਸਿੰਘ ਦੀ ਉਸਤਤਿ ਵਿਚ ਲਿਖੇ ਸ਼ਬਦਾਂ ਤੋਂ ਇਲਾਵਾ ਉਸ ਦੇ ਨਾਮ ਦਾ ਵਰਨਣ ਕਿਤੇ ਵੀ ਤਾਰੀਫ਼ ਦੇ ਸ਼ਬਦਾਂ ਬਿਨਾਂ ਨਹੀਂ ਮਿਲਦਾ। ਅੰਗ੍ਰੇਜ਼ ਲਿਖਾਰੀ ਵਾਈਨ ਦੀ 1842 ਦੀ ਕਿਤਾਬ ਅਨੁਸਾਰ, ਆਪਣੀ ਅਦਭੁਤ ਬਹਾਦੁਰੀ ਲਈ ਮਸ਼ਹੂਰ, ਹਰੀ ਸਿੰਘ ਨਲਵਾ ਨੂੰ, ਪਠਾਣਾਂ ਦੇ ਮਸ਼ਹੂਰ ਇਤਿਹਾਸਕਾਰ ਉਲਫ਼ ਕੈਰੋ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਜਰਨੈਲਾਂ ਵਿਚੋਂ ਸਭ ਤੋਂ ਵੱਧ ਕਾਬਿਲ ਜਰਨੈਲ ਦੱਸਿਆ ਸੀ, ਜਿਹਦੀਆਂ “ਫ਼ੌਜੀ ਕਾਬਿਲੀਅਤਾਂ ਅਤੇ ਸੱਚੀ ਸੁੱਚੀ ਸਿੱਖ ਧਾਰਨਾ” ਉਸਨੂੰ ਵਿਲੱਖਣ ਬਣਾਉਂਦੀ ਸੀ। ਕਨਿੰਘਮ ਦੀ 1849 ਵਿਚ ਲਿਖੀ ਪੁਸਤਕ ਵਿਚ ਇਸਦਾ ਜ਼ਿਕਰ ਆਉਂਦਾ ਹੈ। ਇਕ ਵੀਹਵੀਂ ਸਦੀ ਦੇ ਉਘੇ ਹਿੰਦੁਸਤਾਨੀ ਇਤਿਹਾਸਕਾਰ ਨੇ ਹਰੀ ਸਿੰਘ ਨੂੰ ਇੰਝ ਵਰਨਣ ਕੀਤਾ – “ਆਪਣੇ ਸਮੇਂ ਦੇ ਸਿੱਖ ਜਰਨੈਲਾਂ ਵਿਚੋਂ ਸਭ ਤੋਂ ਵੱਧ ਉਚੇ-ਸੁੱਚੇ ਕਿਰਦਾਰ ਵਾਲਾ ਤੇ ਸਭ ਤੋਂ ਵੱਧ ਮਾਣਯੋਗ, ਦਲੇਰੀ ਤੇ ਬਹਾਦੁਰੀ ਦਾ ਪੁੰਜ ਸੀ। ਉਹਦਾ ਦਰਬਾਰ ਵਿਚ ਉੱਚ ਸਥਾਨ ਸੀ ਅਤੇ ਸਿੱਖਾਂ ਲਈ ਉਹ ਇਕ ਮਿਸਾਲ ਦਾ ਰੂਪ ਸੀ”। ਇਤਿਹਾਸਕਾਰ ਕੇ.ਐਮ. ਪਾਨੀਕਰ 1930 ਵਿਚ ਲਿਖੀ ਪੁਸਤਕ ਵਿਚ ਇਸ ਤਰ੍ਹਾਂ ਹਰੀ ਸਿੰਘ ਬਾਰੇ ਲਿਖਦਾ ਹੈ। ਅਤੇ ਫੇਰ, ਮੇਸਨ ਦੀ 1842 ਦੀ ਕਿਤਾਬ ਅਨੁਸਾਰ “ਰਾਜੇ ਕੋਲ ਉਸ ਨਾਲੋਂ ਵੱਧ ਵਫ਼ਾਦਾਰ ਸਾਥੀ ਨਹੀਂ ਅਤੇ ਨਾ ਹੀ ਉਸ ਤੋਂ ਵੱਧ ਬਹਾਦੁਰ ਜਰਨੈਲ ਹੈ”। ਇਤਿਹਾਸਕਾਰ ਗ੍ਰਿਫ਼ਨ 1911 ਵਿਚ ਲਿਖਦਾ ਹੈ “ਹਰੀ ਸਿੰਘ ਮਹਾਰਾਜੇ ਦੇ ਸਭ ਜਰਨੈਲਾਂ ਵਿਚੋਂ ਨਾ ਸਿਰਫ਼ ਸਭ ਤੋਂ ਵੱਧ ਦਲੇਰ ਸੀ ਪਰ ਸਭ ਤੋਂ ਸਿਆਣਾ ਤੇ ਮਾਹਿਰ ਜਰਨੈਲ ਸੀ ਅਤੇ ਉਸ ਨੂੰ ਰਾਜ ਦੀਆਂ ਸਭ ਤੋਂ ਵੱਧ ਮੁਸ਼ਕਿਲ ਮੁਹਿੰਮਾਂ ਲਈ ਨਿਯੁਕਤ ਕੀਤਾ ਜਾਂਦਾ ਸੀ”।

ਗ੍ਰਿਫ਼ਨ ਨੇ ਆਪਣੀ ਪੁਸਤਕ ਵਿਚ ਹਰੀ ਸਿੰਘ ਨੂੰ 'ਮੂਰਤ ਆਫ਼ ਦੀ ਖ਼ਾਲਸਾ' ਕਿਹਾ ਗਿਆ ਹੈ। ਗੁਜਰਾਂਵਾਲਾ ਦੀ ਅੰਗ੍ਰੇਜ਼ੀ ਗਜ਼ਿਟੀਅਰ (1893-94) ਉਸਨੂੰ 'ਨੀਹ ਆਫ਼ ਦੀ ਪੰਜਾਬ' ਕਹਿੰਦੀ ਹੈ। ਕੈਰੋ ਉਸਨੂੰ ਇਕ 'ਮਿਸਾਲੀ ਸਿੱਖ ਸਿਪਾਹੀ' ਅਤੇ ਗ੍ਰਿਫ਼ਨ ਅਤੇ ਮੈਸੀ ਉਸਨੂੰ 'ਚੈਂਪੀਅਨ ਆਫ਼ ਖ਼ਾਲਸਾ ਜੀ' ਦਾ ਵੀ ਖ਼ਿਤਾਬ ਦਿੰਦੇ ਹਨ। ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਉੱਪਰ ਦਿੱਤੀਆਂ ਦੋ ਮਿਸਾਲਾਂ ਵਿਚ 'ਮੂਰਤ' ਅਤੇ 'ਨੀਂਹ' ਨਿਪੋਲੀਅਨ ਦੇ ਮਸ਼ਹੂਰ ਕਮਾਂਡਰਾਂ ਦੇ ਨਾਮ ਹਨ ਅਤੇ ਇਸ ਤੋਂ ਇਲਾਵਾ ਗੁਰਮੁਖੀ ਦੇ ਸ਼ਬਦ ਹਨ ਜਿਨ੍ਹਾਂ ਦਾ ਅਰਥ 'ਖ਼ਾਲਸਾ ਦਾ ਰੂਪ' ਅਤੇ 'ਪੰਜਾਬ ਦੀ ਨੀਂਹ' ਬਣਦਾ ਹੈ।

ਲੰਦਨ ਦੇ ਇਕ ਅਖ਼ਬਾਰ 'ਟਿਟਬਿਟਸ' ਵਿਚ ਲਿਖੇ ਹੋਏ ਇਕ ਲੇਖ ਨੇ ਹਿੰਦੁਸਤਾਨ ਅਤੇ ਖ਼ਾਸ ਕਰਕੇ ਪੰਜਾਬ ਵਿਚ ਹਲਚਲ ਮਚਾਈ ਸੀ। ਇਹ ਅਖ਼ਬਾਰ 'ਜਾਰਜ ਨਿਊਨੈਸ' ਨੇ, ਸੰਨ 1881 ਵਿਚ, ਚਲਾਇਆ ਸੀ ਤੇ ਇੰਗਲੈਂਡ ਵਿਚ ਬਹੁਤ ਹਰ-ਮਨ ਪਿਆਰਾ ਸੀ। ਉਨ੍ਹਾਂ ਸਮਿਆਂ ਵਿਚ ਹਰ ਹਫ਼ਤੇ ਇਸ ਦੀਆਂ 5 ਲੱਖ ਕਾਪੀਆਂ ਵਿਕਦੀਆਂ ਸਨ। ਪਹਿਲੇ ਮਹਾਂਯੁੱਧ ਤੋਂ ਬਾਅਦ ਏਸ ਵਿਚ ਲਿਖੇ ਗਏ ਇਕ ਲੇਖ ਦੁਆਰਾ ਦੁਨੀਆਂ ਭਰ ਦੇ ਜਰਨੈਲਾਂ ਦੀ ਫ਼ੌਜੀ ਕਾਬਲੀਅਤ ਦਾ ਲੇਖਾ-ਜੋਖਾ ਕੀਤਾ ਗਿਆ ਸੀ। ਇਸ ਲੇਖ ਦਾ ਮਕਸਦ ਆਮ ਇੰਗਲੈਂਡ ਦੀ ਜਨਤਾ ਨੂੰ ਇਕ ਸਿੱਖ ਜਰਨੈਲ, ਜਿਸ ਦਾ ਨਾਮ ਹਰੀ ਸਿੰਘ ਨਲਵਾ ਸੀ, ਬਾਰੇ ਸੂਚਨਾ ਦੇ ਰਿਹਾ ਸੀ। ਜਿਸ ਦੇ ਬਾਰੇ ਉਸ ਵੇਲੇ ਉਹ ਅੰਗ੍ਰੇਜ਼ ਹੀ ਜਾਣਦੇ ਸਨ ਜਿਹੜੇ ਹਿੰਦੁਸਤਾਨ ਦੇ ਹਾਲਾਤ ਨਾਲ ਵਾਕਿਫ਼ ਸਨ। ਲੇਖਕ ਨੇ ਹਰੀ ਸਿੰਘ ਨਲਵਾ ਨੂੰ ਦੁਨੀਆਂ ਦੇ ਸਫ਼ਲ ਜਰਨੈਲਾਂ ਦੀ ਕਤਾਰ ਵਿਚ ਪਾ ਕੇ ਖੁਲ੍ਹਮ-ਖੁੱਲ੍ਹਾ ਉਹਦੀ ਅਫ਼ਗ਼ਾਨਾਂ ਦੇ ਖਿਲਾਫ਼ ਵੱਡੀਆਂ ਕਾਮਯਾਬੀਆਂ ਦਾ ਜ਼ਿਕਰ ਕੀਤਾ ਸੀ। ਉਹਨੇ ਆਪਣੇ ਪਾਠਕਾਂ ਨੂੰ ਯਾਦ ਦਿਵਾਇਆ ਕਿ ਅਫ਼ਗਾਨਿਸਤਾਨ ਇਕ ਐਸਾ ਦੇਸ਼ ਸੀ ਜਿਥੇ ਅੰਗ੍ਰੇਜ਼ਾਂ ਨੂੰ ਕਰਾਰੀ ਹਾਰ ਮਿਲੀ ਸੀ। ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ (1934), ਪ੍ਰੇਮ ਸਿੰਘ ਹੋਤੀ (1938) ਅਤੇ ਗੰਡਾ ਸਿੰਘ (1966) ਅਨੁਸਾਰ ਜੇਕਰ ਹਰੀ ਸਿੰਘ ਨਲਵਾ ਕੁਝ ਹੋਰ ਚਿਰ ਜੀਊਂਦਾ ਰਹਿੰਦਾ ਅਤੇ ਉਸ ਕੋਲ ਅੰਗ੍ਰੇਜ਼ਾਂ ਵਾਲੇ ਸਮਾਨ ਤੇ ਸਾਧਨ ਹੁੰਦੇ ਤਾਂ ਉਹ ਕੁਝ ਮਹੀਨਿਆਂ ਵਿਚ ਹੀ ਖ਼ਾਲਸਾ ਰਾਜ ਦੀਆਂ ਹੱਦਾਂ ਵਿਚ ਏਸ਼ੀਆ ਤੇ ਯੂਰਪ ਸ਼ਾਮਲ ਕਰ ਲੈਂਦਾ।

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਸਵੱਈਏ ਵਿਚ ਜੋ ਪ੍ਰਮਾਣ ਰੱਖਿਆ ਉਹ ਹਰੀ ਸਿੰਘ ਨਲਵੇ ਦੀ ਜ਼ਿੰਦਗੀ ਦੀ ਮਿਸਾਲ ਬਣਿਆ—
ਛੱਤਰੀ ਕੋ ਪੂਤ ਹੋਂ ਬਾਹਮਨ ਕੋ ਨਾਹੀ
ਕਈ ਤਾਪ ਆਵੇ ਹੈ ਜੋ ਕਰੋਂ
ਅਰ ਔਰ ਜੰਜਾਰ ਜੀਤੋ ਗ੍ਰਹਿ ਕੋ ਤੋਰੇ ਤਿਆਗ
ਕਹਾਂ ਚਿਤ ਤਾਂ ਮੈਂ ਧਰੋਂ
ਅਬ ਰੀਝ ਕੇ ਦੇਹ ਵਾਹਿ ਹਮ ਕੋ ਜੋ ਊ
ਹੋਓ ਬਿਣਤੀ ਕਰ ਜੋਰ ਕਰੋਂ
ਜਬ ਆਇ ਕੀ ਔਧ ਨਿਧਾਨ ਬਣੇਂ
ਅਤਿ ਹੀ ਰਨ ਮੇਂ ਤਬ ਜੂਝ ਮਰੋਂ।।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਦਿਤੇ ਉਘੇ ਤੇ ਹਰਮਨ ਪਿਆਰੇ ਸ਼ਬਦ ਅਨੁਸਾਰ ਹਰੀ ਸਿੰਘ ਨਲਵੇ ਦਾ ਜੀਵਨ ਸੀ—
ਦੇਹ ਸਿਵਾ ਬਰ ਮੋਹੇ ਇਹਾ, ਸੁਭ ਕਰਮਨ ਤੇ ਕਬਹੂੰ ਨਾਂ ਟਰੋਂ।
ਨਾ ਡਰੋਂ ਰੇ ਸੋ ਜਬ ਜਾਏ ਲਰੋਂ, ਨਿਸਚੈ ਕਰ ਅਪਨੀ ਜੀਤ ਕਰੋਂ।
ਅਰੂ ਸਿੱਖ ਹੋਂ ਅਪਨੇ ਹੀ ਮਨ ਕੌ, ਏਹ ਲਾਲਚ ਹੋ ਗੁਣ ਤੌ ਉਚਰੋਂ।
ਜਬ ਆਵਿ ਕੀ ਔਧ ਨਿਦਾਨ ਬਣੇ, ਅਤਿ ਹੀ ਰਣ ਮੇਂ ਤਬ ਜੂਝ ਮਰੋਂ।।
(ਸ੍ਰੀ ਦਸਮ ਗਰੰਥ, 17-18ਵੀ ਸਦੀ, (1) 231)

ਹਰੀ ਸਿੰਘ ਨਲਵੇ ਦੀ ਕਾਮਯਾਬੀ ਦਾ ਰਾਜ਼ ਉਹਦੀ ਬਹਾਦੁਰੀ ਦਾ ਭੰਡਾਰ, ਦੂਜਿਆਂ ਤੋਂ ਕਿਤੇ ਵੱਧ ਦਲੇਰੀ, ਕਦੇ ਨਾ ਹਾਰਨ ਵਾਲਾ ਜੋਸ਼ ਅਤੇ ਉਹਦੀ 'ਚੈਂਪੀਅਨ ਆਫ਼ ਖ਼ਾਲਸਾ ਜੀ' ਦੀ ਪ੍ਰਪੱਕਤਾ ਸੀ। ਨਾ ਹੋਣ ਵਾਲੇ ਮਸਲਿਆਂ ਦੇ ਸਮੇਂ ਅਤੇ ਵੱਡੀ ਤੋਂ ਵੱਡੀ ਮੁਸ਼ਕਿਲ ਆਉਣ ਦੇ ਬਾਵਜੂਦ ਉਹ ਸਦਾ ਚੜ੍ਹਦੀ ਕਲਾ ਵਿਚ ਰਿਹਾ। ਸਿੱਖ ਕੌਮ ਦੀ ਅਰਦਾਸ ਦੇ ਅੰਤਿਮ ਸ਼ਬਦ 'ਤੇਰੇ ਭਾਣੇ ਸਰਬਤ ਦਾ ਭਲਾ' ਅਨੁਸਾਰ, ਸਿੱਖ ਧਰਮ ਸਭ ਧਰਮਾਂ ਦੀ ਖ਼ਲਕਤ ਲਈ ਰੱਬ ਦੀਆਂ ਬਖ਼ਸ਼ਿਸ਼ਾਂ ਮੰਗਦਾ ਹੈ। ਇਹ ਧਾਰਨਾ ਜੀਵਨ ਭਰ ਹਰੀ ਸਿੰਘ ਨੂੰ ਰੂਹਾਨੀ ਸ਼ਕਤੀ ਦੇਂਦੀ ਰਹੀ ਤਾਂ ਜੋ ਹਰ ਮਜ਼ਹਬ, ਕੌਮ ਦੇ ਲੋਕਾਂ ਦਾ ਭਾਵੇਂ ਉਹ ਹਿੰਦੂ, ਮੁਸਲਿਮ, ਈਸਾਈ ਜਾਂ ਸਿੱਖ ਹੋਣ – ਸਮੁੱਚੀ ਦੇਖ ਭਾਲ ਕਰੇ। ਖ਼ਾਲਸਾ ਰਾਜ ਅਤੇ ਉਹਦੇ ਬਹਾਦੁਰ ਹਰੀ ਸਿੰਘ ਨਲਵੇ ਦੀ ਗਾਥਾ, ਉਨ੍ਹੀਵੀਂ ਸਦੀ ਦੇ ਹਿੰਦੁਸਤਾਨ ਦੇ ਉਪ ਮਹਾਂਦਵੀਪ ਦੀ ਸਭ ਤੋਂ ਸ਼ਕਤੀਮਾਨ ਵਿਥਿਆ ਹੈ ਜੋ ਅੱਜ ਤਕ ਅਖੋਂ ਪਰ੍ਹੇ ਰਖੀ ਗਈ ਹੈ।

Reference
ਨਲਵਾ, ਵਨੀਤ. (2010). ਹਰੀ ਸਿੰਘ ਨਲਵਾ (ਸੰਨ ੧੭੯੧-੧੮੩੭)—'ਖ਼ਾਲਸਾ ਜੀ ਦਾ ਚੈਂਪੀਅਨ', ਅਨੁਵਾਦਕ ਤੇ ਸੰਪਾਦਕ ਗੁਰ ਪ੍ਰਤਾਪ ਸਿੰਘ । ਨਵੀਂ ਦਿੱਲੀ: ਹਰੀ ਸਿੰਘ ਨਲਵਾ ਫ਼ਾਊਂਡੇਸ਼ਨ ਟ੍ਰਸਟ।